ਮੌਜੂਦਾ ਸਮੇਂ ਪਿਛਲੇ ਲੰਮੇ ਅਰਸੇ ਤੋਂ ਬਹੁਤਾਤ ਵਿੱਚ ਸਿੱਖ ਸੰਗਤਾਂ ਵਲੋਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੀ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਉਂਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ 15 ਅਪ੍ਰੈਲ 1469 ਈਸਵੀ, 20 ਵਿਸਾਖ ਸੰਮਤ 1526 ਨੂੰ ਹੋਇਆ ਸੀ। ਕੁਝ ਇਤਿਹਾਸਕਾਰਾਂ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਚੇਤ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਭਾਵ ਕਿ 01 ਵਿਸਾਖ ਸੰਮਤ 1526 ( ਵਿਸਾਖੀ ਵਾਲੇ ਦਿਨ) 27 ਮਾਰਚ 1469 ਈਸਵੀ ਨੂੰ ਹੋਇਆ ਲਿਖਿਆ ਮਿਲਦਾ ਹੈ। ਉਪਰੋਕਤ ਲਿਖਤਾਂ ਕਰਕੇ ਸਿੱਖ ਸੰਗਤਾਂ ਵਿੱਚ ਭੰਬਲ ਭੂਸਾ ਬਣਿਆ ਹੋਇਆ ਹੈ ਜਿਸ ਕਰਕੇ ਤਕਰੀਬਨ ਹਰ ਇੱਕ ਸਿੱਖ ਚਾਹੁੰਦਾ ਹੈ ਕਿ ਉਸਨੂੰ ਸਹੀ ਜਾਣਕਾਰੀ ਹਾਸਿਲ ਹੋਵੇ ਕਿ ਆਖਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀ ਸਹੀ ਪੱਕੀ ਤਰੀਕ ਕਿਹੜੀ ਹੈ ?
ਇਤਿਹਾਸ ਮੁਤਾਬਿਕ ਗੁਰੂ ਜੀ ਦੀ ਕੁੱਲ ਉਮਰ 70 ਸਾਲ 05 ਮਹੀਨੇ 07 ਦਿਨ ਲਿਖੀ ਮਿਲਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰ ਪੁਰ ਵਾਲੀ ਬੀੜ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਜੀ 08 ਅੱਸੂ ਸੰਮਤ 1596 ਨੂੰ ਜੋਤੀ ਜੋਤ ਸਮਾਏ। ਜੇਕਰ 08 ਅੱਸੂ 1596 ਵਿੱਚੋਂ 70 ਸਾਲ 05 ਮਹੀਨੇ 07 ਦਿਨ ਘਟਾ ਦਿੱਤੇ ਜਾਣ ਤਾਂ ਉੁਤੱਰ ਆਵੇਗਾ 01 ਵਿਸਾਖ ਸੰਮਤ 1526 । ਇਸ ਹਿਸਾਬ ਨਾਲ ਵਿਸਾਖੀ ਵਾਲੇ ਦਿਨ ਦੀ ਜਨਮ ਤਰੀਕ ਸਹੀ ਲਗਦੀ ਹੈ। ਇਤਿਹਾਸ ਮੁਤਾਬਕ ਸੰਨ 1469 ਈਸਵੀ ਦੀ ਵਿਸਾਖੀ 27 ਮਾਰਚ, 1469 ਈਸਵੀ ਵਾਲੇ ਦਿਨ ਆਈ ਸੀ।
ਸਿੱਖੀ ਦੇ ਅੰਦਰ ਕਿਸੇ ਦਾ ਜਨਮ ਦਿਨ ਜਾਂ ਮਰਨ ਦਿਨ ਮਨਾਓੁਣ ਦਾ ਕੋਈ ਵਿਧਾਨ ਨਹੀ ਹੈ ਕਿਉਂਕਿ ਸਿੱਖ ਕੇਵਲ ਇਕ ਅਕਾਲ ਪੁਰਖ ਦੀ ਪੂਜਾ ਕਰਦੇ ਹਨ ਜਿਸ ਦਾ ਨਾ ਤਾਂ ਕੋਈ ਜਨਮ ਦਿਨ ਹੈ ਤੇ ਨਾ ਹੀ ਕੋਈ ਮਰਨ ਦਿਨ ਹੈ ਇਸ ਕਰਕੇ ਹੀ ਕਿਸੇ ਵੀ ਗੁਰੂ ਸਾਹਿਬਾਨ ਨੇ ਕਦੇ ਵੀ ਕਿਸੇ ਦਾ ਜਨਮ ਦਿਨ ਜਾ ਮਰਨ ਦਿਨ ਨਹੀਂ ਮਨਾਇਆ ਸੀ ।
ਗੁਰੂ ਗੋਬਿੰਦ ਸਿੰਘ ਜੀ ਸੰਨ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ ਅਤੇ 1716 ਈਸਵੀ ਵਿੱਚ ਹਕੂਮਤ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਸਿਖਾਂ ਦੇ ਸਿਰਾਂ ਦੇ ਮੁਲ ਰੱਖ ਦਿੱਤੇ ਗਏ ਸਨ ਤਾਂ ਸਿੱਖ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਜੰਗਲਾਂ ਵਿਚ ਰਹਿ ਕੇ ਦਿਨ ਬਤੀਤ ਕਰਨ ਲਗੇ ।
ਹਿੰਦੂਆਂ ਵਿੱਚੋਂ ਬ੍ਰਾਹਮਣ ਬੜੀ ਤੇਜ਼ ਬੁਧੀ ਦੇ ਮਾਲਕ ਰਹੇ ਹਨ ਜੋ ਹਮੇਸ਼ਾ ਹੀ ਲੰਮੀ ਸੋਚ ਵਿਚਾਰ ਕੇ ਚੱਲਦੇ ਰਹੇ ਹਨ, ਤਾਂ ਉਨ੍ਹਾਂ ਨੇ ਵਿਚਾਰਿਆ ਕਿ ਬੇਸ਼ਕ ਇਸ ਸਮੇਂ ਹਿੰਦੋਸਤਾਨ ਵਿੱਚ ਮੁਗਲਾਂ ਦਾ ਰਾਜ ਹੈ, ਜਿਸ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਹਨ ਕਿਉਂਕਿ ਇਸ ਦੇਸ਼ ਵਿੱਚੋਂ ਸਿੱਖਾਂ ਦੇ ਇਲਾਵਾ ਹੋਰ ਕਿਸੇ ਵਿੱਚ ਇਤਨੀ ਹਿੰਮਤ ਨਹੀਂ ਹੈ ਕਿ ਉਹ ਮੁਗਲ ਹਕੂਮਤ ਦੇ ਖਿਲਾਫ਼ ਆਪਣਾ ਸਿਰ ਉਠਾ ਸਕਣ। ਇੱਕ ਸਿੱਖ ਹੀ ਹਨ ਜੋ ਇਸ ਮੁਗਲ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕਦੇ ਹਨ ਕਿਉਂਕਿ ਇਹ ਸਿੱਖ ਹੈਣ ਬਹੁਤ ਬਹਾਦੁਰ ਜਿਸ ਕਰਕੇ ਇਨ੍ਹਾਂ ਤੇ ਆਸ ਰੱਖੀ ਜਾ ਸਕਦੀ ਹੈ ਕਿ ਇਹ ਬਹੁਤ ਜਲਦੀ ਮੁਗਲ ਹਕੂਮਤ ਨੂੰ ਖਤਮ ਕਰਕੇ ਆਪਣੇ ਰਾਜ ਸਥਾਪਿਤ ਕਰ ਲੈਣਗੇ। ਸਿੱਖ ਆਪਣਾ ਰਾਜ ਸਥਾਪਿਤ ਕਰਨ ਇਹ ਚੰਗੀ ਗੱਲ ਹੈ ਪਰ ਇਨ੍ਹਾਂ ਸਿੱਖਾਂ ਨੂੰ ਆਪਣਾ ਰਾਜ ਸਾਡੇ ਮੁਤਾਬਕ ਚਲ ਕੇ ਕਰਨਾ ਚਾਹੀਦਾ ਹੈ।
ਚਾਣਕਿਆ ਬ੍ਰਾਹਮਣ ਕਹਿੰਦਾ ਹੈ ਕਿ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਕੌਮ ਦੇ ਰੀਤੀ ਰਿਵਾਜਾਂ ਵਿੱਚ ਆਪਣੇ ਰੀਤੀ ਰਿਵਾਜ ਵਾੜ ਦਿਓ। ਉਸ ਕੌਮ ਦਾ ਇਤਿਹਾਸ ਵਿਗਾੜ ਦਿਉ। ਉਸ ਕੌਮ ਦੀ ਭਾਸ਼ਾ ਖਤਮ ਕਰ ਦੀਓ। ਉਸ ਕੌਮ ਨੂੰ ਆਰਥਿਕ ਪੱਖੋਂ ਇਤਨਾ ਕੁ ਕਮਜ਼ੋਰ ਕਰ ਦਿਉ ਕਿ ਉਹ ਕੁੱਝ ਸੋਚ ਹੀ ਨਾ ਸਕੇ ਕਿ ਉਸ ਨਾਲ ਕੀ ਹੋ ਰਿਹਾ ਹੈ ਆਦਿ।ਇਹ ਸਭ ਗੱਲਾਂ ਸਿੱਖਾਂ ਤੇ ਅਜ਼ਮਾਈਆਂ ਜਾ ਚੁੱਕੀਆਂ ਹਨ ਤੇ ਅਜ਼ਮਾਈਂਆਂ ਜਾ ਰਹੀਆਂ ਹਨ ।
ਵਿਦਵਾਨਾਂ ਮੁਤਾਬਕ ਜਿਵੇਂ ਬੁੱਧ ਧਰਮ ਨੂੰ ਖਤਮ ਕਰਨ ਲਈ ਬ੍ਰਾਹਮਣਾਂ ਨੇ ਆਪਣੇ ਨੌਜਵਾਨ ਬ੍ਰਾਹਮਣਾਂ ਨੂੰ ਟਰੇਡ ਕਰਕੇ ਅਤੇ ਨਕਲੀ ਬੋਧੀ ਬਣਾ ਕੇ ਬੁੱਧ ਧਰਮ ਵਿੱਚ ਪ੍ਰਵੇਸ਼ ਕਰਵਾ ਦਿੱਤਾ ਸੀ ਜਿਨ੍ਹਾਂ ਨੇ ਆਪਣੀ ਲਿਆਕਤ ਨਾਲ ਇਸ ਤਰੀਕੇ ਨਾਲ ਆਪਣੀਆਂ ਰੀਤਾਂ ਨੂੰ ਬੋਧੀਆਂ ਵਿੱਚ ਲਾਗੂ ਕਰਵਾਇਆ ਕਿ 98 % ਹਿੰਦੂਆਂ ਤੋਂ ਬੋਧੀ ਬਣ ਚੁਕਿਆ ਨੂੰ ਇਹ ਪਤਾ ਹੀ ਨਹੀਂ ਸੀ ਲੱਗਾ ਕਿ ਉਹ ਦੋਬਾਰਾ ਹਿੰਦੂ ਕਦੋਂ ਬਣ ਗਏ ਹਨ।ਇਸੇ ਹੀ ਲੜੀ ਤਹਿਤ ਬ੍ਰਾਹਮਣਾਂ ਨੇ ਸਿੱਖ ਜਥਿਆਂ ਵਿੱਚ ਵੀ ਆਪਣੇ ਬ੍ਰਾਹਮਣਾਂ ਨੂੰ ਦਾਖਲ ਕਰਨ ਲਈ ਨੌਜਵਾਨਾਂ ਨੂੰ ਤਾਂ ਇਸ ਕਰਕੇ ਨਾ ਭੇਜਿਆ ਕਿ ਨੌਜਵਾਨਾਂ ਨੂੰ ਜੰਗਾਂ ਜੁਧਾਂ ਵਿੱਚ ਹਿੱਸਾ ਲੈਣਾ ਪੈ ਜਾਵੇਗਾ ਇਸ ਲਈ ਉਨ੍ਹਾਂ ਨੇ ਬਜ਼ੁਰਗ ਬ੍ਰਾਹਮਣਾਂ ਨੂੰ ਸਿੱਖਾਂ ਦੇ ਭੇਸ ਬਦਲੀ ਕਰਵਾਕੇ ਸਿੱਖ ਜੱਥਿਆਂ ਵਿੱਚ ਭੇਜ ਦਿੱਤਾ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਹੀ ਸਿੱਖਾਂ ਵਿੱਚ ਆਪਣੀਆਂ ਰੀਤਾਂ ਨੂੰ ਪ੍ਰਵੇਸ਼ ਕਰਨ ਲਈ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਮੌਕਾ ਵੇਖ ਕੇ ਗੱਲ ਚੱਲਾ ਦਿੱਤੀ ਕਿ ਜਿਵੇਂ ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕਿ੍ਸ਼ਨ ਜੀ ਦਾ ਜਨਮ ਦਿਨ ਰਾਮ ਨੌਮੀ ਜਨਮ ਅਸਟਮੀ ਆਦਿ ਮਨਾਉਦੇ ਹਨ ਠੀਕ ਇਸ ਤਰਾਂ ਹੀ ਸਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ । ਮਸਲਾ ਸਿੱਖ ਆਗੂਆਂ ਕੋਲ ਪਹੁੰਚਿਆ ਤਾਂ ਸੰਗਤੀ ਵਿਚਾਰ ਹੋਈ ਕਿ ਸਿੱਖੀ ਸਿਧਾਤਾਂ ਮੁਤਾਬਿਕ ਕਿਸੇ ਦਾ ਜਨਮ ਦਿਨ ਮਨਾਉਣਾ ਜਰੂਰੀ ਨਹੀਂ ਹੈ।ਹਕੂਮਤ ਵਲੋਂ ਸਿੱਖਾਂ ਤੇ ਸਖਤੀ ਵੀ ਬਹੁਤ ਕੀਤੀ ਹੋਈ ਹੈ ਸਿੱਖਾਂ ਨੇ ਹਾੜ੍ਹੀ ਦੀ ਫਸਲ ਵੀ ਸਾਂਭਣੀ ਹੁੰਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਨੇ ਸੰਨ 1563 ਈ: ਵਿੱਚ ਹੁਕਮ ਕੀਤਾ ਸੀ ਕਿ ਹਰ ਸਾਲ ਪ੍ਰਚਾਰ ਨੂੰ ਮੁੱਖ ਰੱਖ ਕੇ ਵਿਸਾਖੀ ਦਾ ਜੋੜ ਮੇਲਾ ਹੋਇਆ ਕਰੇਗਾ ਜਿਸ ਕਰਕੇ ਵਿਸਾਖੀ ਦਾ ਜੋੜ ਮੇਲਾ ਕਰਨਾ ਵੀ ਜਰੂਰੀ ਹੈ ਜਿਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਵਿਸਾਖੀ ਵਾਲੇ ਦਿਨ ਤੋਂ ਇਲਾਵਾ ਕਿਸੇ ਹੋਰ ਦਿਨ ਮਨਾਉਣਾ ਬਹੁਤ ਮੁਸ਼ਕਿਲ ਹੈ ਇਸ ਲਈ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਜੇਕਰ ਕਿਸੇ ਨੇ ਮਨਾਉਣਾ ਹੋਵੇ ਤਾਂ ਉਹ ਵੀ ਵਿਸਾਖੀ ਵਾਲੇ ਦਿਨ ਹੀ ਮਨਾ ਸਕਦਾ ਹੈ। ਸਿੱਖੀ ਵਿਚ ਜਨਮ ਦਿਨ ਮਨਾਉਣ ਦਾ ਸਿਲਸਿਲਾ ਇੱਥੋ ਸ਼ੁਰੂ ਹੁੰਦਾ ਹੈ ।
ਸਮਾਂ ਆਪਣੀ ਰਫਤਾਰ ਨਾਲ ਚਲਦਾ ਰਿਹਾ ਭਾਰਤ ਉੁਤੇ ਅੰਗਰੇਜ਼ਾਂ ਦਾ ਰਾਜ ਸਥਾਪਤ ਹੋ ਗਿਆ ਤਕਰੀਬਨ ਸੌ ਸਾਲ ਬਾਅਦ 1849 ਈ: ਵਿੱਚ ਪੰਜਾਬ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤਾਂ ਅੰਗਰੇਜ਼ਾਂ ਨੇ ਵਿਚਾਰਿਆ ਕਿ ਪੰਜਾਬ ਬਾਕੀ ਭਾਰਤ ਨਾਲੋਂ 100 ਸਾਲ ਬਾਅਦ ਵਿੱਚ ਗੁਲਾਮ ਹੋਇਆ ਹੈ ਕਾਰਨ ਹੈ, ਪੰਜਾਬੀਆਂ ਦੀ ਬਹਾਦੁਰੀ ਜੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਕਾਰਨ ਪੈਦਾ ਹੋਈ ਹੈ ਇਹ ਵਿਚਾਰਧਾਰਾ ਇਹਨਾਂ ਨੂੰ ਜਿਆਦਾ ਚਿਰ ਗੁਲਾਮ ਵੀ ਨਹੀਂ ਰਹਿਣ ਦੇਵੇਗੀ। ਜੇਕਰ ਪੰਜਾਬ ਉਪਰ ਲੰਮਾਂ ਸਮਾਂ ੋਰਾਜ ਕਰਨਾ ਹੈ ਤਾਂ ਪੰਜਾਬੀਆਂ ਦੇ ਦਿਲਾਂ ਵਿਚੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ।
ਅੰਗਰੇਜਾਂ ਵਲੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਕਮਜੋਰ ਕਰਨ ਲਈ ਸਪੈਸ਼ਲ ਤੌਰ ਤੇ ਇੰਗਲੈਂਡ ਤੋਂ ਪਾਦਰੀਆਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਿਖਾ ਕੇ ਸਰਕਾਰੀ ਤੌਰ ਤੇ ਉਹਨਾਂ ਕੋਲੋਂ ਪੰਜਾਬ ਵਿੱਚ ਈਸਾਈਅਤ ਦਾ ਪ੍ਚਾਰ ਕਰਵਾਇਆ ਗਿਆ। ਪਾਦਰੀ ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਲਈ ਪਹਿਲਾਂ ਇਕੱਠਿਆਂ ਕਰਦੇ ਫਿਰ ਈਸਾਈਅਤ ਦਾ ਪ੍ਰਚਾਰ ਕਰਦੇ ਤੇ ਬਾਅਦ ਵਿਚ ਉਹਨਾਂ ਵਿੱਚ ਕੁਝ ਸਮਾਂਨ ਵੰਡ ਦਿੱਤਾ ਜਾਂਦਾ ਜੇਕਰ ਕੋਈ ਪਰਿਵਾਰ ਇਸਾਈ ਬਣ ਜਾਂਦਾ ਤਾਂ ਉਸ ਨੂੰ ਦੋਹਰਾ ਹਿੱਸਾ ਦੇ ਦਿੱਤਾ ਜਾਂਦਾ। ਜਿਸ ਨਾਲ ਪੰਜਾਬ ਦਾ ਗਰੀਬ ਵਰਗ ਜ਼ਿਆਦਾ ਕਰਕੇ ਲਾਲਚ ਵੱਸ ਹੋਕੇ ਈਸਾਈ ਬਣਨ ਲੱਗ ਗਿਆ।
ਦੂਸਰਾ ਅੰਗਰੇਜ਼ਾਂ ਨੇ ਹਿੰਦੂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚ ਨਿਯੁਕਤ ਕਰ ਦਿੱਤਾ ਤੇ ਉਹਨਾਂ ਨੂੰ ਗੁਰਦੁਆਰਿਆਂ ਦੇ ਨਾਂਮ ਤੇ ਲੱਗੀਆਂ ਜਾਇਦਾਦਾਂ ਦੀ ਆਮਦਨ ਵੀ ਦੇ ਦਿੱਤੀ ਗਈ ਤੇ ਬਦਲੇ ਵਿੱਚ ਸਿੱਖੀ ਨੂੰ ਵਧ ਤੋਂ ਵਧ ਨੁਕਸਾਨ ਪਹੁੰਚਾਉਣ ਦੀ ਸ਼ਰਤ ਰੱਖੀ ਗਈ ਤਾਂ ਮਹੰਤਾਂ ਨੇ ਗੁਰਦੁਆਰਿਆਂ ਵਿੱਚ ਆਪਣੀਆਂ ਹਿੰਦੂ ਰੀਤਾਂ( ਦਸ ਪੁਰਬਾਂ ) ਨੂੰ ਲਾਗੂ ਕਰ ਦਿੱਤਾ।ਦਸ ਪੁਰਬ ਉਹ ਰੀਤਾਂ ਹਨ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਵੀਂ ਪਹਿਲਾਂ ਤੋਂ ਹੀ ਮਨਾਈਆਂ ਜਾਂਦੀਆਂ ਸਨ ।
ਦਸ ਪੁਰਬ ਹਨ :- ਮੱਸਿਆ, ਸੰਗਰਾਂਦ, ਪੂਰਨਮਾਸ਼ੀ, ਚਾਂਦਨਾਂ ਐਤਵਾਰ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਦੋ ਅਸਟਮੀਆ,ਅਤੇ ਦੋ ਚੌਦਸਾਂ, ਆਦਿ।
ਮਹੰਤ ਵਿਸਾਖ ਦੇ ਮਹੀਨੇ ਨੂੰ ਬ੍ਰਾਹਮਣਾਂ ਦਾ ਮਹੀਨਾ ਹੋਂਣ ਕਰਕੇ ਚੰਗਾ ਅਤੇ ਕੱਤਕ ਦੇ ਮਹੀਨੇ ਨੂੰ ਮਨਹੂਸ ਸਮਝਦੇ ਸਨ। ਉਹਨਾਂ ਨੇ ਅੰਗਰੇਜ਼ਾਂ ਨੂੰ ਮਿਲਕੇ ਦਸਿਆ ਕਿ ਬਾਬਾ ਨਾਨਕ ਦਾ ਜਨਮ ਬ੍ਰਾਹਮਣਾਂ ਦੇ ਮਹੀਨੇ ਵਿਸਾਖ ਵਿੱਚ ਹੋਇਆ ਹੋਣ ਕਰਕੇ ਲੋਕ ਉਸਦੀ ਇੱਜ਼ਤ ਕਰਦੇ ਹਨ।ਜੇ ਕਿਤੇ ਬਾਬੇ ਨਾਨਕ ਦਾ ਜਨਮ ਕੱਤਕ ਦੇ ਮਹੀਨੇ ਵਿੱਚ ਹੋਇਆ ਹੁੰਦਾ ਤਾਂ ਸ਼ਾਇਦ ਲੋਕਾਂ ਨੇ ਉਸ ਨੂੰ ਮਨਹੂਸ ਜਾਣ ਕੇ ਉਸ ਦੀ ਕੋਈ ਗੱਲ ਨਹੀਂ ਮੰਨਣੀ ਸੀ। ਜਿਸ ਅਧਾਰ ਤੇ ਮਹੰਤਾਂ ਨੇ ਸਾਜ਼ਿਸ਼ ਅਧੀਨ ਸੰਨ 1890 ਈ: ਦੇ ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ ਵਿਖੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਵਿਸਾਖੀ ਵਾਲੇ ਦਿਨ ਤੋਂ ਬਦਲ ਕੇ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਗਿਆ ਤੇ ਸੰਨ 1925 ਈ: ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਸ਼੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਵਿਸਾਖ਼ੀ ਤੋਂ ਬਦਲ ਕੇ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਗਿਆ, ਅਨਪੜ੍ਹਤਾ ਕਾਰਣ ਸੰਨ 1947 ਈ: ਤਕ ਤਕਰੀਬਨ ਸਭ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਇਆ ਜਾਣ ਲੱਗ ਗਿਆ।
ਯਾਦ ਰਹੇ ਕਿ ਐਸ ਜੀ ਪੀ ਸੀ 1920 ਈਸਵੀ ਨੂੰ ਹੋਂਦ ਵਿੱਚ ਆਈ ਸੀ ਤੇ 1925 ਈਸਵੀ ਵਿੱਚ ਇਸ ਨੂੰ ਸਰਕਾਰੀ ਤੌਰ ਤੇ ਮਾਨਤਾ ਮਿਲ ਗਈ ਸੀ। ਆਰ ਐਸ ਐਸ 1926 ਈਸਵੀ ਨੂੰ ਹੋਂਦ ਵਿੱਚ ਆਈ ਸੀ ਜਿਸਦਾ ਪ੍ਰਭਾਵਿ ਅੱਜ ਵੀ ਸਿੱਖ ਕੌਮ ਤੇ ਵੇਖਿਆ ਜਾ ਸਕਦਾ ਹੈ ਪਰ ਅਫਸੋਸ ਕਿ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜੇ ਤਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਗੁਰਪੁਰਬ ਵੀ ਵਿਸਾਖ ਦੇ ਮਹੀਨੇ ਵਿੱਚ ਨਹੀਂ ਲਿਆ ਸਕੀ।
ਚਾਹੀਦਾ ਹੈ ਕਿ ਸਿੱਖ ਸਮਾਜ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਵਿਸਾਖ ਵਿੱਚ ਮਨਾਵੇ ਪਰ 99% ਗੁਰਦੁਆਰਿਆਂ ਵਿੱਚ ਡੇਰਾ ਵਾਦੀ ਵਿਚਾਰਧਾਰਾ ਨਾਲ ਸਬੰਧਤ ਗ੍ਰੰਥੀ ਹਨ ਜੋ ਸੰਗਤਾਂ ਨੂੰ ਅਗਿਆਨਤਾ ਵਿੱਚੋਂ ਕੱਢਣਾ ਹੀ ਨਹੀਂ ਚਾਹੁੰਦੇ ਅਤੇ ਬਹੁਤੀ ਥਾਂਈਂ ਪ੍ਬੰਧਕ ਵੀ ਚੌਧਰਾਂ ਦੀ ਖਾਤਰ ਹੀ ਗੁਰਦੁਆਰਿਆਂ ਵਿੱਚ ਸੇਵਾ ਨਿਭਾ ਰਹੇ ਹਨ ਪਰ ਜੇਕਰ ਪ੍ਰਬੰਧਕ ਚਾਹੁੰਣ ਤਾਂ ਸਾਰੇ ਗੁਰਪੁਰਬ ਸਹੀ ਤਰੀਕਾਂ ਤੇ ਮਨਾਏ ਜਾ ਸਕਦੇ ਹਨ ਕਿਉਂਕਿ ਸਿੱਖਾਂ ਦਾ ਸਬੰਧ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਬਾਰਾਮਾਂਹ ਦੇ ਮਹੀਨਿਆਂ ਨਾਲ ਹੈ ਤੇ ਸਿੱਖਾਂ ਦਾ ਕੈਲੰਡਰ ਵੀ ਇਨ੍ਹਾਂ ਮਹੀਨਿਆਂ ਦੇ ਅਧਾਰ ਤੇ ਹੀ ਬਣਿਆ ਹੋਇਆ ਹੈ, ਉਨ੍ਹਾਂ ਮਹੀਨਿਆਂ ਦੇ ਅਧਾਰ ਤੇ ਜੋ ਵੀ ਜਨਮ ਤਰੀਕਾਂ ਨਿਸਚਿਤ ਹਨ। ਉਨ੍ਹਾਂ ਤਰੀਕਾਂ ਦੇ ਮੁਤਾਬਕ ਸਾਰੇ ਗੁਰਪੁਰਬ ਮਨਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।ਗੁਰਦੁਆਰਿਆਂ ਵਿੱਚ ਵਿਸਾਖੀ ਮਨਾਈ ਜਾਂਦੀ ਹੈ ਕੋਈ ਅਲੱਗ ਖਰਚਾ ਕਰਨ ਦੀ ਲੋੜ ਨਹੀਂ ਬਸ ਅਰਦਾਸ ਕਰਨ ਲਗਿਆ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਦੀ ਵੀ ਅਰਦਾਸ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਜਲਦੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਆਪਣੀ ਸਹੀ ਜਗ੍ਹਾ ਤੇ ਆ ਜਾਵੇਗਾ ਤੇ ਇਸ ਵਿਧੀ ਨਾਲ ਹੀ ਹੋਰ ਬਾਕੀ ਦੇ ਗੁਰਪੁਰਬ ਵੀ ਸਹੀ ਜਗ੍ਹਾ ਤੇ ਆ ਜਾਣਗੇ।
ਜਸਵੰਤ ਸਿੰਘ ਕਾਲਾ ਅਫਗਾਨਾ।
Leave a Reply